ਗਠੀਆ ਜਾਂ ਜੋੜਾਂ ਦਾ ਦਰਦ

ਗਠੀਆ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕਵਰ ਹੁੰਦੀਆਂ ਹਨ ਜਿਨ੍ਹਾਂ ਦਾ ਵਰਣਨ ਅਕਸਰ ਜੋੜਾਂ ਵਿੱਚ ਸੋਜ਼ਸ਼ ਨਾਲ ਕੀਤਾ ਜਾਂਦਾ ਹੈ। ਸੋਜ਼ਸ਼ ਦੇ ਕਾਰਨ ਲਾਲੀ ਅਤੇ ਸੋਜ ਹੋ ਸਕਦੀ ਹੈ, ਜਿਸ ਕਾਰਨ ਦਰਦ ਹੋ ਸਕਦਾ ਹੈ ਅਤੇ ਗਠੀਏ ਦੇ ਰੋਗ ਵਿੱਚ ਅਕਸਰ ਜੋੜਾਂ ਵਿੱਚ ਅਕੜਣ ਮਹਿਸੂਸ ਕੀਤੀ ਜਾਂਦੀ ਹੈ। ਆਮ ਤੌਰ 'ਤੇ ਚੂਲਾ, ਗੋਡੇ, ਰੀੜ੍ਹ ਦੀ ਹੱਡੀ ਅਤੇ ਉਂਗਲਾਂ 'ਤੇ ਅਸਰ ਪੈਂਦਾ ਹੈ ਪਰ ਗਠੀਆ ਲਗਭਗ ਸਰੀਰ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਗਠੀਏ ਦੀਆਂ ਸਭ ਤੋਂ ਆਮ ਕਿਸਮਾਂ ਵਿੱਚ ਔਸਟਿਓ -ਅਰਥਰਾਇਟਿਸ, ਗਾਉਟ ਅਤੇ ਰੂਮਅਟੌਇਡ ਅਰਥਰਾਇਟਿਸ ਸ਼ਾਮਲ ਹਨ। ਗਠੀਏ ਦੀਆਂ ਵੱਖ-ਵੱਖ ਕਿਸਮਾਂ ਦੇ ਵੱਖੋ-ਵੱਖਰੇ ਲੱਛਣ ਹੋ ਸਕਦੇ ਹਨ ਅਤੇ ਵੱਖੋ-ਵੱਖਰੇ ਇਲਾਜ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਗਠੀਏ ਦਾ ਕੋਈ ਇਲਾਜ ਨਹੀਂ ਹੈ, ਪਰ ਖੁਰਾਕ, ਕਸਰਤ ਅਤੇ ਦਵਾਈਆਂ ਦੁਆਰਾ ਦੇਖਭਾਲ ਕੀਤੀ ਜਾ ਸਕਦੀ ਹੈ।

ਔਸਟਿਓ-ਅਰਥਰਾਇਟਿਸ

ਔਸਟਿਓ-ਅਰਥਰਾਇਟਿਸ (OA) ਇੱਕ ਵਧਣ ਵਾਲੀ ਬਿਮਾਰੀ ਹੈ ਜੋ ਉਪਾਸਥੀ (ਕਾਰਟੀਲੇਜ) ਅਤੇ ਹੱਡੀਆਂ ਦੇ ਜੋੜਾਂ ਵਿੱਚ ਹੋਏ ਨੁਕਸਾਨ ਕਾਰਨ ਹੁੰਦੀ ਹੈ। ਕਾਰਟੀਲੇਜ, ਸਖ਼ਤ ਲਚਕੀਲਾ ਪਦਾਰਥ ਹੁੰਦਾ ਹੈ, ਜੋ ਜੋੜਾਂ ਦੀਆਂ ਹੱਡੀਆਂ ਦੀ ਇੱਕ-ਦੂਜੇ ਨਾਲ ਰਗੜ ਹੋਣ ਤੋਂ ਰੱਖਿਆ ਕਰਦਾ ਹੈ। ਹੱਡੀਆਂ ਦੇ ਵਿਚਕਾਰ ਸੰਪਰਕ ਹੋਣ ਕਾਰਨ ਦਰਦ, ਅਕੜਣ ਅਤੇ ਸੋਜ ਹੋ ਸਕਦੀ ਹੈ। OA ਦੇ ਸਭ ਤੋਂ ਆਮ ਲੱਛਣਾਂ ਵਿੱਚ ਜੋੜਾਂ ਦਾ ਦਰਦ, ਸਵੇਰ ਦੇ ਵੇਲੇ 30 ਮਿੰਟਾਂ ਤੋਂ ਘੱਟ ਸਮੇਂ ਤੱਕ ਅਕੜਣ ਮਹਿਸੂਸ ਹੋਣਾ ਅਤੇ ਪ੍ਰਭਾਵਿਤ ਜੋੜਾਂ ਵਿੱਚ ਹਰਕਤ ਕਰਨ ਦੀ ਸੀਮਾ ਘਟ ਜਾਣਾ ਆਦਿ ਸ਼ਾਮਲ ਹਨ।

ਗਾਉਟ

ਗਾਉਟੀ ਅਰਥਰਾਇਟਿਸ, ਜਿਸ ਨੂੰ ਗਾਉਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਖੂਨ ਵਿੱਚ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਕਾਰਨ ਹੁੰਦਾ ਹੈ। ਯੂਰਿਕ ਐਸਿਡ ਆਮ ਤੌਰ 'ਤੇ ਇੱਕ ਵਾਧੂ ਪਦਾਰਥ ਹੈ ਜੋ ਆਮ ਤੌਰ 'ਤੇ ਪਿਸ਼ਾਬ ਰਾਹੀਂ ਬਾਹਰ ਨਿੱਕਲ ਜਾਂਦਾ ਹੈ। ਯੂਰਿਕ ਐਸਿਡ ਦਾ ਉੱਚ ਪੱਧਰ ਹਮੇਸ਼ਾ ਹਾਨੀਕਾਰਕ ਨਹੀਂ ਹੁੰਦਾ, ਪਰ ਕੁਝ ਲੋਕਾਂ ਵਿੱਚ ਯੂਰਿਕ ਐਸਿਡ ਜੋੜਾਂ ਵਿੱਚ ਕ੍ਰਿਸਟਲ ਦਾ ਰੂਪ ਲੈ ਲੈਂਦਾ ਹੈ। ਇਸਦੇ ਕਾਰਨ ਦਰਦ ਅਤੇ ਸੋਜ ਦੇ ਲੱਛਣ ਪੈਦਾ ਹੋ ਸਕਦੇ ਹਨ।

ਗਾਉਟ ਅਟੈਕ ਵਿੱਚ ਦਰਦ ਅਤੇ ਸੋਜ ਹੁੰਦੀ ਹੈ ਜੋ ਆਮ ਤੌਰ 'ਤੇ 8-12 ਘੰਟਿਆਂ ਵਿੱਚ ਵਧ ਸਕਦੀ ਹੈ। ਇਹ ਅਟੈਕ ਆਮ ਤੌਰ 'ਤੇ ਰਾਤ ਦੇ ਸਮੇਂ ਹੁੰਦਾ ਹੈ। ਲੱਛਣ ਆਮ ਤੌਰ 'ਤੇ ਅਗਲੇ ਕੁਝ ਦਿਨਾਂ ਵਿੱਚ ਬਿਹਤਰ ਹੋ ਜਾਂਦੇ ਹਨ ਅਤੇ ਕੁਝ ਹੀ ਹਫ਼ਤਿਆਂ ਵਿੱਚ ਚਲੇ ਜਾਂਦੇ ਹਨ। ਹਾਲਾਂਕਿ ਕੋਈ ਦਰਦ ਨਹੀਂ ਹੁੰਦਾ ਹੈ, ਫਿਰ ਵੀ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਕਾਰਨ ਨੁਕਸਾਨ ਹੋ ਸਕਦਾ ਹੈ, ਇਸ ਲਈ ਗਾਉਟ ਅਟੈਕ ਤੋਂ ਬਾਅਦ ਆਪਣੇ ਡਾਕਟਰ ਨੂੰ ਵਿਖਾਉਣਾ ਚੰਗਾ ਰਹਿੰਦਾ ਹੈ।

ਜੇਕਰ ਕਈ ਸਾਲਾਂ ਤੱਕ ਯੂਰਿਕ ਐਸਿਡ ਦਾ ਪੱਧਰ ਉੱਚ ਰਹਿੰਦਾ ਹੈ ਤਾਂ ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਵਿਕਸਿਤ ਹੋ ਸਕਦੀ ਹੈ। ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਵਿੱਚ, ਗਾਉਟ ਅਟੈਕ ਬਹੁਤ ਆਮ ਹੋ ਸਕਦੇ ਹਨ, ਦਰਦ ਦੂਰ ਨਹੀਂ ਹੁੰਦਾ ਅਤੇ ਜੋੜਾਂ ਦੇ ਨੁਕਸਾਨ ਹੋਰ ਸਥਾਈ ਹੋ ਸਕਦੇ ਹਨ। ਗਾਉਟ ਦੇ ਇਲਾਜ ਵਿੱਚ ਅਕਸਰ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਲਈ ਦਵਾਈ ਲੈਣੀ ਪੈਂਦੀ ਹੈ ਤਾਂ ਜੋ ਗਾਉਟ ਦੇ ਅਟੈਕ ਅਤੇ ਲੰਬੇ ਸਮੇਂ ਦੀ ਗਾਉਟ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।

ਰੂਮਅਟੌਇਡ ਅਰਥਰਾਇਟਿਸ

ਰੂਮਅਟੌਇਡ ਅਰਥਰਾਇਟਿਸ (RA) ਆਟੋਇਮਊਨ ਬਿਮਾਰੀ ਹੈ ਜਿਸਦੇ ਨਤੀਜੇ ਵਜੋਂ ਜੋੜਾਂ ਵਿੱਚ ਸੋਜ਼ਸ਼, ਟੁੱਟ-ਭੱਜ ਅਤੇ ਦਰਦ ਹੋ ਸਕਦਾ ਹੈ। ਆਟੋਇਮਊਨ ਬਿਮਾਰੀ ਵਿੱਚ, ਰੋਗ ਪ੍ਰਤਿਰੋਧੀ ਪ੍ਰਣਾਲੀ - ਜੋ ਆਮ ਤੌਰ 'ਤੇ ਸੰਕ੍ਰਮਣ ਆਦਿ ਤੋਂ ਸਰੀਰ ਦੀ ਰੱਖਿਆ ਕਰਦੀ ਹੈ - ਉਹ ਗਲਤੀ ਨਾਲ ਆਪਣੇ ਹੀ ਸਰੀਰ ਦੇ ਕਿਸੇ ਹਿੱਸੇ ਨੂੰ ਨਿਸ਼ਾਨਾ ਬਣਾਉਂਦੀ ਹੈ। RA ਅਕਸਰ ਸਰੀਰ 'ਤੇ ਸਮਰੂਪੀ ਅਸਰ ਪਾਵੇਗਾ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਸੱਜੇ ਗੋਡੇ 'ਤੇ ਅਸਰ ਪਿਆ ਹੈ ਤਾਂ ਤੁਹਾਡੇ ਖੱਬੇ ਗੋਡੇ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। RA ਦੇ ਇਲਾਜ ਵਿੱਚ ਦਰਦ ਹੋਣ 'ਤੇ ਮਦਦ ਵਾਸਤੇ, ਸੋਜ਼ਸ਼ ਨੂੰ ਘਟਾਉਣ ਅਤੇ ਸਥਾਈ ਨੁਕਸਾਨ ਤੋਂ ਬਚਾਉਣ ਲਈ ਦਵਾਈਆਂ ਦੀ ਵਰਤੋਂ ਸ਼ਾਮਲ ਹੁੰਦੀ ਹੈ।