ਔਸਟਿਓਪੋਰੋਸਿਸ

ਔਸਟਿਓਪੋਰੋਸਿਸ ਅਜਿਹੀ ਬਿਮਾਰੀ ਹੈ ਜਿਸ ਵਿੱਚ ਹੱਡੀਆਂ ਆਮ ਨਾਲੋਂ ਜ਼ਿਆਦਾ ਪਤਲੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦੇ ਨਤੀਜੇ ਵਜੋਂ ਸਰੀਰ ਦੇ ਉਹਨਾਂ ਹਿੱਸਿਆਂ ਦੀਆਂ ਹੱਡੀਆਂ ਦੇ ਟੁੱਟਣ (ਫ੍ਰੈਕਚਰ) ਦਾ ਵੱਧ ਖ਼ਤਰਾ ਹੁੰਦਾ ਹੈ ਜੋ ਆਮ ਤੌਰ 'ਤੇ ਆਸਾਨੀ ਨਾਲ ਨਹੀਂ ਟੁੱਟ ਸਕਦੀਆਂ, ਜਿਵੇਂ ਕਿ ਰੀੜ੍ਹ ਅਤੇ ਚੂਲੇ ਦੀ ਹੱਡੀ। ਹੋ ਸਕਦਾ ਹੈ ਕਿ ਜਦੋਂ ਤੱਕ ਬਿਮਾਰੀ ਬਹੁਤ ਵਧ ਨਹੀਂ ਜਾਂਦੀ ਓਦੋਂ ਤੱਕ ਔਸਟਿਓਪੋਰੋਸਿਸ ਦੇ ਲੱਛਣ ਦਿਖਾਈ ਨਾ ਦੇਣ। ਪਹਿਲਾ ਲੱਛਣ ਇਹ ਹੋ ਸਕਦਾ ਹੈ ਕਿ ਸੱਟ ਵੱਜਣ ਜਾਂ ਡਿੱਗਣ ਕਾਰਨ ਹੱਡੀ ਦਾ ਟੁੱਟ ਜਾਣਾ (ਫ੍ਰੈਕਚਰ ਹੋਣਾ)। ਹੋਰ ਲੱਛਣਾਂ ਵਿੱਚ ਪਿੱਠ ਦਾ ਦਰਦ ਅਤੇ ਅਸਧਾਰਨ ਤੌਰ 'ਤੇ ਕੱਦ ਛੋਟਾ ਹੋਣਾ ਸ਼ਾਮਲ ਹੋ ਸਕਦੇ ਹਨ। 

ਜੋਖਮ ਦੇ ਕਾਰਕ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਆਮ ਤੌਰ 'ਤੇ ਹੱਡੀਆਂ ਦਾ ਨੁਕਸਾਨ ਹੁੰਦਾ ਰਹਿੰਦਾ ਹੈ। ਔਸਟਿਓਪੋਰੋਸਿਸ ਵਿੱਚ, ਹੱਡੀਆਂ ਦਾ ਨੁਕਸਾਨ ਅਤੇ ਕਮਜ਼ੋਰੀ ਆਮ ਨਾਲੋਂ ਜ਼ਿਆਦਾ ਹੁੰਦੀ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ ਕਿ ਕਿਸ ਨੂੰ ਔਸਟਿਓਪੋਰੋਸਿਸ ਹੋਵੇਗਾ, ਪਰ ਫਿਰ ਵੀ ਕੁਝ ਕਾਰਕ ਹਨ ਜਿਨ੍ਹਾਂ ਕਾਰਨ ਤੁਹਾਨੂੰ ਬਿਮਾਰੀ ਦਾ ਜੋਖਮ ਵਧੇਰੇ ਹੋ ਸਕਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

  • ਵੱਡੀ ਉਮਰ
  • ਔਰਤਾਂ ਜੋ ਮੈਨੋਪੋਜ਼ 'ਚੋਂ ਗੁਜ਼ਰ ਰਹੀਆ ਹਨ
  • ਔਸਟਿਓਪੋਰੋਸਿਸ ਦਾ ਪਰਿਵਾਰਕ ਪਿਛੋਕੜ
  • ਤਮਾਕੂਨੋਸ਼ੀ
  • ਸ਼ਰਾਬ ਪੀਣਾ
  • ਵਜਨ ਸਹਿਣ ਵਾਲੀਆਂ ਕਸਰਤਾਂ ਘੱਟ ਕਰਨਾ
  • ਕੈਲਸ਼ੀਅਮ ਜਾਂ ਵਿਟਾਮਿਨ ਦੀ ਘਾਟ
  • ਕੁਝ ਦਵਾਈਆਂ ਜਿਵੇਂ ਕਿ ਗਲੂਕੋਕੌਰਟਿਕੋਆਇਡਜ਼ ਆਦਿ ਲੈਣਾ ਜੋ ਹੱਡੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ
  • ਕੁਝ ਬਿਮਾਰੀਆਂ ਜਿਵੇਂ ਕਿ ਗਠੀਆ ਆਦਿ ਹੋਣਾ

ਇਲਾਜ

ਔਸਟਿਓਪੋਰੋਸਿਸ ਦੇ ਇਲਾਜ ਵਿੱਚ ਜੀਵਨ ਸ਼ੈਲੀ ਦੇ ਕਾਰਕਾਂ ਵਿੱਚ ਸੁਧਾਰ ਕਰਨਾ ਸ਼ਾਮਲ ਹੈ, ਜਿਵੇਂ ਕਿ ਕਸਰਤ ਕਰਨਾ ਅਤੇ ਚੰਗੀ ਖੁਰਾਕ ਖਾਣ ਦੀ ਆਦਤ ਨੂੰ ਬਣਾਈ ਰੱਖਣਾ। ਦਵਾਈਆਂ ਹੱਡੀਆਂ ਦੇ ਨੁਕਸਾਨ ਨੂੰ ਘਟਾਉਣ ਜਾਂ ਹੱਡੀਆਂ ਦੇ ਨਿਰਮਾਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਡਿੱਗਣ ਦੇ ਜੋਖਮ ਨੂੰ ਘੱਟ ਕਰਨਾ ਵੀ ਲਾਜ਼ਮੀ ਹੈ। ਇਸ ਵਿੱਚ ਤੁਹਾਡੇ ਘਰ ਨੂੰ ਸੁਰੱਖਿਅਤ ਬਣਾਉਣ ਲਈ ਤਬਦੀਲੀਆਂ ਕਰਨੀਆਂ ਸ਼ਾਮਲ ਹੋ ਸਕਦੀਆਂ ਹਨ।